Thursday, May 7, 2009

ਮਿੰਨੀ ਕਹਾਣੀਆਂ





ਰਾਮੇਸ਼ਵਰ ਕੰਬੋਜ ਹਿਮਾਂਸ਼ੁ

ਰਾਮੇਸ਼ਵਰ ਕੰਬੋਜ ਹਿਮਾਂਸ਼ੁ ਹਿੰਦੀ ਲਘੂਕਥਾ ਦੇ ਮਹੱਤਵਪੂਰਨ ਹਸਤਾਖਰ ਹਨ । ਉਹਨਾਂ ਦਾ ਪਰੀਚੈ ਤੇ ਤਿੰਨ ਰਚਨਾਵਾਂ ਪਾਠਕਾਂ ਦੇ ਰੂਬਰੂ ਕਰ ਰਿਹਾ ਹਾਂ ।
********
ਜਨਮ : 19 ਮਾਰਚ, 1949
ਸਿਖਿਆ : ਐਮ.ਏ.(ਹਿੰਦੀ), ਬੀ.ਐੱਡ
ਮੌਲਿਕ ਪੁਸਤਕਾਂ : ਲਘੂਕਥਾ ਸੰਗ੍ਰਹਿ 'ਅਸਭਿਅ ਨਗਰ' ਤੋਂ ਇਲਾਵਾ ਚਾਰ ਕਾਵਿ ਸੰਗ੍ਰਹਿ, ਦੋ ਲਘੂ ਨਾਵਲ ਤੇ ਇਕ ਵਿਅੰਗ ਸੰਗ੍ਰਹਿ ।
ਸੰਪਾਦਨ : ਈ.ਪਤ੍ਰਿਕਾ- ਲਘੂਕਥਾ.ਕਾਮ(ਹਿੰਦੀ ਲਘੂਕਥਾ ਦੀ ਵੈਬ ਸਾਈਟ), ਬੱਚਿਆਂ ਲਈ ਬਲਾਗਰ-http://patang-ki-udan.blogspot.com/
ਵਿਸ਼ੇਸ਼ : ਅਨੇਕਾਂ ਰਚਨਾਵਾਂ ਦਾ ਪੰਜਾਬੀ, ਗੁਜਰਾਤੀ, ਉਰਦੂ ਤੇ ਨੇਪਾਲੀ ਵਿਚ ਅਨੁਵਾਦ । ਕਈ ਸੰਸਥਾਵਾਂ ਵੱਲੋਂ ਸਨਮਾਨਤ ।
39 ਵਰ੍ਹਿਆਂ ਦੇ ਅਧਿਆਪਨ-ਕਾਰਜ ਮਗਰੋਂ 'ਸੈਂਟਰਲ ਸਕੂਲ' ਤੋਂ ਪ੍ਰਿੰਸੀਪਲ ਵੱਜੋਂ ਸੇਵਾ ਮੁਕਤ ।
ਸੰਪਰਕ : 37, ਬੀ/2, ਰੋਹਿਣੀ, ਸੈਕਟਰ 17, ਨਵੀਂ ਦਿੱਲੀ-110089
ਈ.ਮੇਲ : rdkamboj@gmail.com ਮੋਬਾਈਲ : 09313727493

- ਸ਼ਿਆਮ ਸੁੰਦਰ ਅਗਰਵਾਲ

ਮਿੰਨੀ ਕਹਾਣੀਆਂ

1-ਵੱਡਪਣ
ਰਾਮੇਸ਼ਵਰ ਕੰਬੋਜ ਹਿਮਾਂਸ਼ੁ


ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, 'ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ । ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ, ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ?'
ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ । ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ । ਵੱਡੇ ਮੁੰਡੇ ਨੂੰ ਬੂਟ ਚਾਹੀਦੇ ਹਨ । ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਹੈ । ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ ਨਹੀਂ ਖਰੀਦੀ ਜਾ ਸਕੀ । ਬਾਪੂ ਨੇ ਵੀ ਹੁਣ ਹੀ ਆਉਣਾ ਸੀ ।
ਘਰ ਵਿਚ ਭਾਰੀ ਚੁੱਪ ਪਸਰੀ ਹੋਈ ਸੀ । ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ । ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗੈ । ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ ਬੇਫ਼ਿਕਰ ।
"ਸੁਣ," ਕਹਿਕੇ ਉਸਨੇ ਮੇਰਾ ਘਿਆਨ ਆਪਣੇ ਵੱਲ ਖਿੱਚਿਆ । ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ । ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ ।
ਬਾਪੂ ਬੋਲਿਆ, "ਖੇਤੀ ਦੇ ਕੰਮ ਵਿਚ ਬਿਲਕੁਲ ਵਿਹਲ ਨਹੀਂ ਮਿਲਦੀ । ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ ਵਾਪਸ ਜਾਊਂਗਾ । ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ । ਜਦੋਂ ਤੂੰ ਪਰੇਸ਼ਾਨ ਹੁਨੈਂ, ਤਦ ਈ ਇੰਜ ਕਰਦੈਂ ।"
ਬਾਪੂ ਨੇ ਜੇਬ ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ ਵੱਲ ਕੀਤੇ, " ਰੱਖ ਲੈ । ਤੇਰੇ ਕੰਮ ਆ ਜਾਣਗੇ । ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤ ਨਹੀਂ ਹੈ । ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆ ਕਰ । ਵਹੁਟੀ ਦਾ ਵੀ ਖਿਆਲ ਰੱਖ ।"
ਮੈਂ ਕੁਝ ਨਾ ਬੋਲ ਸਕਿਆ । ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ । ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਝਿੜਕਿਆ, " ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ?"
" ਨਹੀਂ ਤਾਂ," ਮੈਂ ਹੱਥ ਵਧਾਇਆ । ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ । ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ । ਪਰ ਉਸ ਵੇਲੇ ਮੇਰੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ ।


-0-


2-ਗੰਗਾ-ਇਸ਼ਨਾਨ
ਰਾਮੇਸ਼ਵਰ ਕੰਬੋਜ ਹਿਮਾਂਸ਼ੁ


ਦੋ ਜਵਾਨ ਪੁੱਤਰ ਮਰ ਗਏ । ਦਸ ਸਾਲ ਪਹਿਲਾਂ ਪਤੀ ਵੀ ਚਲਾ ਗਿਆ । ਦੌਲਤ ਦੇ ਨਾਂ ਉੱਤੇ ਬਚੀ ਸੀ ਇਕ ਸਿਲਾਈ ਮਸ਼ੀਨ । ਸੱਤਰ ਸਾਲਾ ਬੁੱਢੀ ਪਾਰੋ, ਪਿੰਡ ਵਾਲਿਆਂ ਦੇ ਕਪੜੇ ਸਿਉਂਦੀ ਰਹਿੰਦੀ । ਬਦਲੇ ਵਿਚ ਕੋਈ ਚੌਲ ਦੇ ਜਾਂਦਾ, ਕੋਈ ਕਣਕ ਜਾਂ ਬਾਜਰਾ । ਸਿਲਾਈ ਕਰਦੇ ਸਮੇਂ ਉਹਦੀ ਕਮਜ਼ੋਰ ਗਰਦਨ ਡਮਰੂ ਦੀ ਤਰ੍ਹਾਂ ਹਿਲਦੀ ਰਹਿੰਦੀ । ਦਰਵਾਜੇ ਅੱਗੋਂ ਜੋ ਵੀ ਲੰਘਦਾ, ਉਹ ਉਸ ਨੂੰ 'ਰਾਮ ਰਾਮ' ਕਹਿਣਾ ਨਾ ਭੁੱਲਦੀ ।
ਰਹਿਮ ਦਿਖਾਉਣ ਵਾਲਿਆਂ ਨਾਲ ਉਹਨੂੰ ਚਿੜ ਸੀ । ਬੱਚੇ ਦਰਵਾਜੇ ਉੱਤੇ ਆ ਕੇ ਊਧਮ ਮਚਾਉਂਦੇ, ਪਰ ਪਾਰੋ ਉਹਨਾਂ ਨੂੰ ਕਦੇ ਬੁਰਾ-ਭਲਾ ਨਾ ਕਹਿੰਦੀ । ਉਹ ਤਾਂ ਸਗੋਂ ਖੁਸ਼ ਹੁੰਦੀ । ਪ੍ਰਧਾਨ ਜੀ ਕੁੜੀਆਂ ਦੇ ਸਕੂਲ ਲਈ ਚੰਦਾ ਇਕੱਠਾ ਕਰਨ ਲਈ ਨਿਕਲੇ ਤਾਂ ਪਾਰੋ ਦੇ ਘਰ ਦੀ ਹਾਲਤ ਵੇਖ ਕੇ ਪਿਘਲ ਗਏ, " ਦਾਦੀ, ਤੂੰ ਕਹੇਂ ਤਾਂ ਤੈਨੂੰ ਬੁਢਾਪਾ ਪੈਨਸ਼ਨ ਦਿਵਾਉਣ ਦੀ ਕੋਸ਼ਿਸ਼ ਕਰਾਂ ?"
ਪਾਰੋ ਜ਼ਖ਼ਮੀ ਜਿਹੀ ਹੋ ਕੇ ਬੋਲੀ, " ਪ੍ਰਮਾਤਮਾ ਨੇ ਦੋ ਹੱਥ ਦਿੱਤੇ ਹਨ । ਮੇਰੀ ਮਸ਼ੀਨ ਅੱਧਾ ਪੇਟ ਰੋਟੀ ਤਾਂ ਦੇ ਹੀ ਦਿੰਦੀ ਹੈ । ਮੈਂ ਕਿਸੇ ਅੱਗੇ ਹੱਥ ਨਹੀਂ ਅੱਡਾਂਗੀ । ਕੀ ਤੂੰ ਇਹੀ ਕਹਿਣ ਆਇਆ ਸੀ ?"
" ਮੈਂ ਤਾਂ ਕੁੜੀਆਂ ਦੇ ਸਕੂਲ ਲਈ ਚੰਦਾ ਲੈਣ ਆਇਆ ਸੀ । ਪਰ ਤੇਰੇ ਘਰ ਦੀ ਹਾਲਤ ਵੇਖ ਕੇ…।"
" ਤੂੰ ਕੁੜੀਆਂ ਦਾ ਸਕੂਲ ਬਣਵਾਏਂਗਾ ?" ਪਾਰੋ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਸਵੇਰ ਦੀ ਧੁੱਪ ਖਿੜ ਗਈ ।
" ਹਾਂ, ਇਕ ਦਿਨ ਜ਼ਰੂਰ ਬਣਵਾਊਂਗਾ ਦਾਦੀ । ਬਸ ਤੇਰਾ ਅਸ਼ੀਰਵਾਦ ਚਾਹੀਦੈ ।"
ਪਾਰੋ ਗੋਡੇ ਉੱਤੇ ਹੱਥ ਰੱਖਕੇ ਉੱਠੀ ਅਤੇ ਆਲੇ ਵਿਚ ਰੱਖੀ ਜੰਗ-ਖਾਧੀ ਸੰਦੂਕੜੀ ਚੁੱਕ ਲਿਆਈ । ਕਾਫੀ ਦੇਰ ਉਲਟ-ਪੁਲਟ ਕਰਨ ਤੇ ਇਕ ਬਟੂਆ ਨਿਕਲਿਆ । ਬਟੂਏ ਵਿੱਚੋਂ ਤਿੰਨ ਸੌ ਰੁਪਏ ਕੱਢ ਕੇ, ਪਾਰੋ ਨੇ ਪ੍ਰਧਾਨ ਜੀ ਦੀ ਹਥੇਲੀ ਉੱਤੇ ਰੱਖ ਦਿੱਤੇ, " ਪੁੱਤਰ! ਸੋਚਿਆ ਸੀ, ਮਰਨ ਤੋਂ ਪਹਿਲਾਂ ਗੰਗਾ-ਇਸ਼ਨਾਨ ਲਈ ਜਾਵਾਂਗੀ । ਉਸੇ ਲਈ ਜੋੜ ਕੇ ਇਹ ਪੈਸੇ ਰੱਖੇ ਸਨ ।"
" ਤਾਂ ਇਹ ਪੈਸੇ ਮੈਨੂੰ ਕਿਉਂ ਦੇ ਰਹੀ ਐਂ ? ਗੰਗਾ ਇਸ਼ਨਾਨ ਨੂੰ ਨਹੀਂ ਜਾਣਾ ?"
" ਪੁੱਤਰ, ਤੂੰ ਸਕੂਲ ਬਣਵਾਏਂ ! ਇਸ ਤੋਂ ਵੱਡਾ ਗੰਗਾ-ਇਸ਼ਨਾਨ ਹੋਰ ਕੀ ਹੋਵੇਗਾ !" ਕਹਿਕੇ ਪਾਰੋ ਫਿਰ ਕਪੜੇ ਸਿਉਣ ਲੱਗ ਪਈ ।


-0-


3-ਖਾਮੋਸ਼ੀ
ਰਾਮੇਸ਼ਵਰ ਕੰਬੋਜ ਹਿਮਾਂਸ਼ੁ


ਅੱਜ ਨਤੀਜਾ ਘੋਸ਼ਤ ਹੋਣਾ ਸੀ । ਸਵੇਰ ਤੋਂ ਹੀ ਵਿਦਿਆਰਥੀਆਂ ਤੇ ਮਾਪਿਆਂ ਦਾ ਇਕੱਠ ਹੋ ਗਿਆ ਸੀ । ਪਰੀਖਿਆ ਇੰਚਾਰਜ ਮੋਹਨ ਸਿੰਘ ਲਿਸਟ ਹੱਥ ਵਿਚ ਲੈਕੇ ਮੰਚ ਉੱਪਰ ਮਾਈਕ ਦੇ ਸਾਹਮਣੇ ਪਹੁੰਚੇ ।
ਸ਼੍ਰੀ ਖੰਡੇਲਵਾਲ ਅੱਠ-ਦਸ ਵਿਗੜੇ ਵਿਦਿਆਰਥੀਆਂ ਨਾਲ ਥੋੜੇ ਫਾਸਲੇ ਉੱਤੇ ਖੜੇ ਸਨ । ਇਹਨਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ ਸੰਭਾਵਨਾ ਸੀ । ਮੋਹਨ ਸਿੰਘ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੇ ਨਾਂ ਪੜ੍ਹਦੇ ਗਏ । ਫੁਸਫੁਸਾਹਟ ਸ਼ੁਰੂ ਹੋ ਗਈ । ਖੰਡੇਲਵਾਲ ਦੇ ਚਹੇਤੇ ਬਹੁਤੇ ਅਵਾਰਾ ਵਿਦਿਆਰਥੀ ਫੇਲ੍ਹ ਹੋ ਗਏ ਸਨ ।
ਮੋਹਨ ਸਿੰਘ ਨੇ ਫੇਲ੍ਹ ਵਿਦਿਆਰਥੀਆਂ ਵਿਚ ਆਖਰੀ ਨਾਂ ਰਾਮ ਸਿੰਘ ਦਾ ਬੋਲਿਆ ਤਾਂ ਇਕ ਦਮ ਖਾਮੋਸ਼ੀ ਛਾ ਗਈ । ਉਹਨਾਂ ਨੇ ਲਿਸਟ ਮੋੜ ਕੇ ਜੇਬ ਵਿਚ ਪਾਈ ਤੇ ਮੰਚ ਉੱਤੋਂ ਉਤਰ ਆਏ । ਰਾਮ ਸਿੰਘ ਉਹਨਾਂ ਦਾ ਆਪਣਾ ਬੇਟਾ ਸੀ ।

-0-

Translation By ਸ਼ਿਆਮ ਸੁੰਦਰ ਅਗਰਵਾਲ


ਕਾਲਾ ਘੋੜਾ

ਸੁਕੇਸ਼ ਸਾਹਨੀ

ਆਦਮਕੱਦ ਸ਼ੀਸ਼ੇ ਦੇ ਸਾਹਮਣੇ ਉਹਨੇ ਟਾਈ ਦੀ ਨਾਟ ਨੂੰ ਠੀਕ ਕਰ, ਵਿਦੇਸ਼ੀ ਸੈਂਟ ਦੇ ਫੁਹਾਰੇ ਨਾਲ ਆਪਣੀ ਕਮੀਜ਼ ਨੂੰ ਤਰ ਕੀਤਾ । ਤਦ ਹੀ ਸ਼ਾਨੂ ਮਟਕਦਾ ਹੋਇਆ ਕੋਲ ਆਇਆ ਤੇ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ
" ਰਾਮੂ…ਬਹਾਦਰ…ਸ਼ੰਕਰ…ਕਿੱਥੇ ਮਰ ਗਏ ਸਾਰੇ ਦੇ ਸਾਰੇ !" ਉਹਦੇ ਚੀਕ-ਚਿਹਾੜੇ ਨਾਲ ਘਬਰਾ ਕੇ ਦੋ ਵਰ੍ਹਿਆਂ ਦਾ ਸ਼ਾਨੂ ਜ਼ੋਰ ਜ਼ੋਰ ਨਾਲ ਰੋਣ ਲੱਗ ਪਿਆ ਸੀ । ਪਤਨੀ ਦੇ ਸਾਹਮਣੇ ਆਉਂਦੇ ਹੀ ਉਹ ਦਹਾੜਿਆ, " ਤੈਨੂੰ ਕਿੰਨੀ ਵਾਰ ਕਿਹੈ ਕਿ ਜਿਸ ਵੇਲੇ ਮੈਂ ਫੈਕਟਰੀ ਜਾ ਰਿਹਾ ਹੋਵਾਂ, ਸ਼ਾਨੂ ਨੂੰ ਮੇਰੇ ਸਾਹਮਣੇ ਨਾ ਆਉਣ ਦਿਆ ਕਰ । ਪੈਂਟ ਦੀ ਕਰੀਜ ਖਰਾਬ ਕਰ ਕੇ ਰਖਤੀ । ਬਹਾਦਰ ਨੂੰ ਕਹਿ ਦੂਜੀ ਪੈਂਟ ਪ੍ਰੈਸ ਕਰ ਕੇ ਦੇਵੇ…ਦੇਰ ਤੇ ਦੇਰ ਹੋ ਰਹੀ ਐ ।"
" ਚਿੱਲਾਉਂਦੇ ਕਿਉਂ ਹੋ, ਬੱਚਾ ਹੀ ਤਾਂ ਹੈ…" ਪਤਨੀ ਨੇ ਲਾਪਰਵਾਹੀ ਨਾਲ ਕਿਹਾ, " ਸ਼ਾਮ ਨੂੰ ਛੇਤੀ ਘਰ ਆ ਜਾਣਾ… ਗੁਪਤਾ ਜੀ ਦੇ ਇੱਥੇ ਕਾਕਟੇਲ ਪਾਰਟੀ ਐ ।"
" ਚੰਗਾ ਯਾਦ ਕਰਾਇਆ ਤੂੰ…" ਉਹ ਇਕਦਮ ਢਿੱਲਾ ਪੈ ਗਿਆ, " ਡਾਰਲਿੰਗ ! ਅੱਜ ਸ਼ਾਮ ਨੂੰ ਸੱਤ ਵਜੇ ਅਸ਼ੋਕਾ 'ਚ ਮਿਸਟਰ ਜੌਨ ਨਾਲ ਇਕ ਮੀਟਿੰਗ ਐ । ਲਗਭਗ ਦੋ ਕਰੋੜ ਦੇ ਆਰਡਰ ਫਾਈਨਲ ਹੋਣੇ ਨੇ । ਮੈਂ ਤਾਂ ਉੱਥੇ ਬਿਜੀ ਹੋਵਾਂਗਾ । ਗੁਪਤਾ ਜੀ ਦੇ ਕਾਕਟੇਲ 'ਤੇ ਤੂੰ ਚਲੀ ਜਾਵੀਂ…ਮਾਈ ਸਵੀਟ ਸਵੀਟ ਡਾਰਲਿੰਗ ।"
" ਬਸ…ਬਸ…ਬਟਰਿੰਗ ਰਹਿਣ ਦਿਓ । ਮੈਂ ਚਲੀ ਜਾਵਾਂਗੀ, ਪਰ ਅੱਜ ਮੰਮੀ ਦੀ ਤਬੀਅਤ ਬਹੁਤ ਖਰਾਬ ਐ । ਸ਼ਾਮ ਨੂੰ ਉਹ ਘਰ ਇੱਕਲੀ ਰਹਿ ਜਾਵੇਗੀ ।"
" ਤੂੰ ਡਾਕਟਰ ਵਿਰਮਾਨੀ ਨੂੰ ਫੋਨ ਕਰਦੇ, ਉਹ ਕਿਸੇ ਚੰਗੀ ਨਰਸ ਦਾ ਇੰਤਜ਼ਾਮ ਕਰ ਦੇਵੇਗਾ । ਗੁਪਤਾ ਜੀ ਦੀ ਪਾਰਟੀ 'ਚ ਤੇਰਾ ਜਾਣਾ ਜ਼ਿਆਦਾ ਜ਼ਰੂਰੀ ਐ ।"
" ਮਿਸਟਰ ਭਾਰਗਵ, ਅਜੇ ਗੱਲ ਬਣੀ ਨਹੀਂ…" ਦਫਤਰ ਪੁੱਜ ਕੇ ਉਹਨੇ ਅਕਾਉਂਟੈਂਟ ਵੱਲੋਂ ਤਿਆਰ ਕੀਤੇ ਖਾਤਿਆਂ ਨੂੰ ਵੇਖਦੇ ਹੋਏ ਕਿਹਾ, " ਅਸੀਂ ਇਸ ਫਰਮ ਦੇ ਜਰੀਏ ਵੱਧ ਤੋਂ ਵੱਧ ਵ੍ਹਾਈਟ ਜਰਨੇਟ ਕਰਨਾ ਹੈ । ਸਾਡੀਆਂ ਦੂਜੀਆਂ ਫਰਮਾਂ ਜੋ ਬਲੈਕ ਉਗਲ ਰਹੀਆਂ ਹਨ, ਉਹਨੂੰ ਇੱਥੇ ਅਡਜਸਟ ਕਰੋ ।"
" ਸਰ, ਕੁਝ ਮਜ਼ਦੂਰਾਂ ਨੇ ਫੈਕਟਰੀ 'ਚ ਪੱਖੇ ਲਵਾਉਣ ਦੀ ਮੰਗ ਕੀਤੀ ਐ ।" ਪ੍ਰੋਡਕਸ਼ਨ ਮੈਨੇਜਰ ਨੇ ਕਿਹਾ ।
" ਅੱਛਾ, ਅੱਜ ਇਹ ਆਪਣੇ ਲਈ ਪੱਖੇ ਮੰਗ ਰਹੇ ਹਨ, ਕੱਲ ਨੂੰ ਕੂਲਰ ਲਵਾਉਣ ਨੂੰ ਕਹਿਣਗੇ । ਅਜਿਹੇ ਲੋਕਾਂ ਦੀ ਛੁੱਟੀ ਕਰ ਦਿਓ ।" ਉਹਨੇ ਚੁਟਕੀ ਵਜਾਉਂਦੇ ਹੋਏ ਕਿਹਾ ।
" ਸਰ, ਫਰੈਂਕਫਰਟ ਅਤੇ ਪੈਰਿਸ ਤੋਂ ਫੈਕਸ ਆਏ ਹਨ ।" ਸਟੋਨੇ ਨੇ ਉਹਨੂੰ ਦੱਸਿਆ ।
ਤਦ ਹੀ ਫੋਨ ਦੀ ਘੰਟੀ ਵੱਜੀ ।
" ਮੈਂ ਘਰੋਂ ਰਾਮੂ ਬੋਲ ਰਿਹੈਂ, ਸਾਬ੍ਹ ! ਮਾਂ ਜੀ ਦੀ ਤਬੀਅਤ ਬਹੁਤ…"
" ਰਾਮੂ !" ਉਹ ਗੁੱਰਾਇਆ, " ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਨਿੱਕੀ ਨਿੱਕੀ ਗੱਲ ਲਈ ਮੈਨੂੰ ਡਿਸਟਰਬ ਨਾ ਕਰਿਆ ਕਰ । ਡਾਕਟਰ ਨੂੰ ਫੋਨ ਕਰਨਾ ਸੀ ।"
ਉਹਨੇ ਫੈਕਸ ਦਾ ਜਵਾਬ ਤਿਆਰ ਕਰਵਾਇਆ ਤੇ ਫਿਰ ਮੀਟਿੰਗ ਦੀ ਫਾਈਲ ਵੇਖਣ ਲੱਗਾ । ਆਪਰੇਟਰ ਨੇ ਉਹਨੂੰ ਫਿਰ ਘਰੋਂ ਟੈਲੀਫੋਨ ਆਉਣ ਦੀ ਸੂਚਨਾ ਦਿੱਤੀ ।
" ਮਿਸਟਰ ਆਨੰਦ, ਤੁਹਾਡੀ ਮਾਂ ਦਰਦ ਨਾਲ ਬੇਹਾਲ ਹੈ…" ਡਾਕਟਰ ਵਿਰਮਾਨੀ ਲਾਈਨ ਉੱਤੇ ਸਨ, " ਤੁਹਾਨੂੰ ਤੁਰੰਤ ਘਰ ਪਹੁੰਚਣਾ ਚਾਹੀਦਾ ਹੈ ।"
" ਡਾਕਟਰ, ਜੋ ਕਰਨਾ ਹੈ, ਤੁਸੀਂ ਹੀ ਕਰਨਾ ਹੈ । ਉੰਜ ਵੀ ਮੈਂ ਇਕ ਜ਼ਰੂਰੀ ਮੀਟਿੰਗ 'ਚ ਜਾਣਾ ਹੈ । ਕਰੋੜਾਂ ਦਾ ਮਾਮਲਾ ਹੈ । ਮੈਂ ਘਰ ਨਹੀਂ ਆ ਸਕਾਂਗਾ । ਤੁਸੀਂ ਮਾਂ ਨੂੰ ਪੇਨ ਕਿਲਿੰਗ ਇੰਜੈਕਸ਼ਨ ਦੇ ਦਿਓ ।"
ਉਹਨੇ ਘੜੀ ਉੱਤੇ ਨਿਗਾਹ ਮਾਰੀ, ਸਾਡੇ ਛੇ ਵੱਜ ਗਏ ਸਨ । ਤਦ ਫੋਨ ਦੀ ਘੰਟੀ ਫਿਰ ਵੱਜੀ ।
" ਆਨੰਦ ਸਾਹਬ, ਇੰਜੈਕਸ਼ਨ ਦਾ ਕੋਈ ਅਸਰ ਨਹੀਂ ਹੋ ਰਿਹਾ । ਮਾਂ ਜੀ ਨੇ ਤੁਹਾਡੇ ਨਾਂ ਦੀ ਰਟ ਲਾਈ ਹੋਈ ਹੈ । ਤੁਸੀਂ ਆ ਜਾਂਦੇ ਤਾਂ ਸ਼ਾਇਦ ਦਵਾਈ ਵੀ ਕੁਝ ਅਸਰ ਕਰ…"
" ਡਾਕਟਰ ਤੁਸੀਂ ਹੋ ਕਿ ਮੈਂ ?" ਇਸ ਵਾਰ ਉਹ ਗੁੱਸੇ ਨਾਲ ਚੀਕਿਆ, " ਹਰ ਮਹੀਨੇ ਇਕ ਮੋਟੀ ਰਕਮ ਤੁਹਾਨੂੰ ਕਿਸ ਲਈ ਦਿੱਤੀ ਜਾਂਦੀ ਐ ? ਤੁਹਾਨੂੰ ਮਾਂ ਲਈ ਜੋ ਜ਼ਰੂਰੀ ਲਗਦਾ ਹੈ, ਉਹ ਕਰੋ… ਇਹ ਬੁੱਢੇ ਲੋਕ ਸਮਝਦੇ ਨੇ ਕਿ ਜਿੰਨਾ ਰੌਲਾ ਪਾਉਣਗੇ, ਓਨੀ ਹੀ ਜ਼ਿਆਦਾ ਇਨ੍ਹਾਂ ਦੀ ਸੇਵਾ ਹੋਵੇਗੀ ।" ਕਹਿਕੇ ਉਹਨੇ ਰਿਸੀਵਰ ਵਾਪਸ ਸੁੱਟ ਦਿੱਤਾ ।
ਦਫ਼ਤਰ ਤੋਂ ਕਾਰ ਤਕ ਦਾ ਫਾਸਲਾ ਉਹਨੇ ਭੱਜਦੇ ਹੋਏ ਤੈਅ ਕੀਤਾ ਤੇ ਫਿਰ ਉੱਚੀ ਆਵਾਜ਼ ਵਿਚ ਡਰਾਈਵਰ ਨੂੰ ਕਿਹਾ, " ਸੱਤ ਵਜੇ ਤਕ ਅਸ਼ੋਕਾ ਹੋਟਲ ਪਹੁੰਚਣਾ ਹੈ, ਗੋਲੀ ਦੀ ਰਫ਼ਤਾਰ ਨਾਲ ਗੱਡੀ ਭਜਾ ਲੈ ।"
-0-

Translation By ਸ਼ਿਆਮ ਸੁੰਦਰ ਅਗਰਵਾਲ


ਠੰਡੀ ਰਜਾਈ

ਸੁਕੇਸ਼ ਸਾਹਨੀ

" ਕੌਣ ਸੀ ?" ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ ।

" ਉਹੀ, ਸਾਹਮਣੇ ਵਾਲਿਆਂ ਦਿਓਂ," ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ, " ਭੈਣ, ਰਜਾਈ ਦੇ ਦੇ, ਇਨ੍ਹਾਂ ਦੇ ਦੋਸਤ ਆਏ ਨੇ ।" ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ, " ਇਨ੍ਹਾਂ ਨੂੰ ਨਿੱਤ ਰਜਾਈ ਵਰਗੀ ਚੀਜ਼ ਮੰਗਦਿਆਂ ਸ਼ਰਮ ਨਹੀਂ ਆਉਂਦੀ । ਮੈਂ ਤਾਂ ਸਾਫ ਮਨ੍ਹਾ ਕਰਤਾ । ਕਹਿਤਾ, " ਅੱਜ ਸਾਡੇ ਵੀ ਕੋਈ ਆਉਣ ਵਾਲਾ ਹੈ ।"

" ਠੀਕ ਕੀਤਾ।" ਉਹ ਵੀ ਰਜਾਈ ਵਿਚ ਦੁਬਕਦਾ ਹੋਇਆ ਬੋਲਿਆ, " ਇਨ੍ਹਾਂ ਲੋਕਾਂ ਦਾ ਇਹੀ ਇਲਾਜ ਐ ।"

" ਬਹੁਤ ਠੰਡ ਐ !" ਉਹ ਬੁੜਬੁੜਾਇਆ ।

" ਮੇਰੇ ਆਪਣੇ ਹੱਥ-ਪੈਰ ਸੁੰਨ ਹੋਈ ਜਾ ਰਹੇ ਨੇ ।" ਪਤਨੀ ਨੇ ਆਪਣੇ ਮੰਜੇ ਨੂੰ ਮਘਦੀ ਅੰਗੀਠੀ ਦੇ ਹੋਰ ਨੇੜੇ ਘੜੀਸਦੇ ਹੋਏ ਕਿਹਾ ।

" ਰਜਾਈ ਤਾਂ ਜਿਵੇਂ ਬਿਲਕੁਲ ਬਰਫ਼ ਵਰਗੀ ਹੋ ਰਹੀ ਐ, ਨੀਂਦ ਆਵੇ ਵੀ ਤਾਂ ਕਿਵੇਂ ।" ਉਹ ਪਾਸਾ ਪਰਤਦਾ ਹੋਇਆ ਬੋਲਿਆ ।

" ਨੀਂਦ ਦਾ ਤਾਂ ਕਿਤੇ ਪਤਾ ਈ ਨਹੀਂ ।" ਪਤਨੀ ਨੇ ਕਿਹਾ, " ਇਸ ਠੰਡ 'ਚ ਤਾਂ ਰਜਾਈ ਵੀ ਬੇਅਸਰ ਜਿਹੀ ਹੋ ਗਈ ਐ ।"

ਜਦੋਂ ਕਾਫੀ ਦੇਰ ਤਕ ਨੀਂਦ ਨਹੀਂ ਆਈ ਤਾਂ ਉਹ ਦੋਨੋਂ ਉੱਠ ਕੇ ਬੈਠ ਗਏ ਤੇ ਅੰਗੀਠੀ ਉੱਤੇ ਹੱਥ ਸੇਕਣ ਲੱਗੇ ।

" ਇਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨੇਂਗੀ ?" ਪਤੀ ਨੇ ਕਿਹਾ ।

" ਕਿਹੋ ਜਿਹੀ ਗੱਲ ਕਰਦੇ ਓ !"

" ਅੱਜ ਜਬਰਦਸਤ ਠੰਡ ਐ, ਸਾਹਮਣੇ ਵਾਲਿਆਂ ਦੇ ਮਹਿਮਾਨ ਵੀ ਆਏ ਨੇ । ਅਜਿਹੇ 'ਚ ਰਜਾਈ ਬਿਨਾ ਕਾਫੀ ਪਰੇਸ਼ਾਨੀ ਹੋ ਰਹੀ ਹੋਵੇਗੀ ।"

" ਹਾਂ, ਫਿਰ ?" ਉਹਨੇ ਆਸ ਭਰੀ ਨਿਗਾਹ ਨਾਲ ਪਤੀ ਵੱਲ ਵੇਖਿਆ ।

" ਮੈਂ ਸੋਚ ਰਿਹਾ ਸੀ…ਮੇਰਾ ਸਤਲਬ ਇਹ ਸੀ ਕਿ…ਸਾਡੇ ਕੋਲ ਇਕ ਰਜਾਈ ਫਾਲਤੂ ਹੀ ਤਾਂ ਪਈ ਐ ।"

" ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿਤੀ । ਇਕ ਦਿਨ ਵਰਤਨ ਨਾਲ ਰਜਾਈ ਘਸ ਥੋੜਾ ਨਾ ਜਾਊਗੀ ।" ਉਹ ਉੱਛਲ ਕੇ ਖੜੀ ਹੋ ਗਈ, " ਮੈਂ ਹੁਣੇ ਸੁਸ਼ੀਲਾ ਨੂੰ ਰਜਾਈ ਦੇ ਆਉਨੀ ਆਂ ।"

ਉਹ ਸੁਸ਼ੀਲਾ ਨੂੰ ਰਜਾਈ ਦੇ ਕੇ ਮੁੜੀ ਤਾਂ ਉਹਨੇ ਹੈਰਾਨੀ ਨਾਲ ਵੇਖਿਆ, ਉਹ ਉਸੇ ਠੰਡੀ ਰਜਾਈ ਵਿਚ ਘੋੜੇ ਵੇਚ ਕੇ ਸੌਂ ਰਿਹਾ ਸੀ ।

ਉਹ ਵੀ ਉਬਾਸੀਆਂ ਲੈਂਦੀ ਹੋਈ ਆਪਣੇ ਬਿਸਤਰ ਵਿਚ ਘੁਸ ਗਈ । ਉਹਨੂੰ ਹੈਰਾਨੀ ਹੋਈ, ਰਜਾਈ ਕਾਫੀ ਗਰਮ ਸੀ ।

-0-

Translation By ਸ਼ਿਆਮ ਸੁੰਦਰ ਅਗਰਵਾਲ




1 comment:

  1. Jude hmare sath apni kavita ko online profile bnake logo ke beech share kre
    Pub Dials aur agr aap book publish krana chahte hai aaj hi hmare publishing consultant se baat krein Online Book Publishers




    ReplyDelete