Tuesday, January 27, 2009

ਸਿਓਂਕ

ਸਿਓਂਕ
ਸੁਕੇਸ਼ ਸਾਹਨੀ

“ਕਿਸ਼ਨ!---” ਵੱਡੇ ਸਾਹਬ ਨੇ ਚਪੜਾਸੀ ਨੂੰ ਘੂਰਦੇ ਹੋਏ ਪੁੱਛਿਆ, “ ਤੂੰ ਮੇਰੇ ਦਫ਼ਤਰ ‘ਚੋਂ ਕੀ ਚੁਰਾ ਕੇ ਲਿਜਾ ਰਿਹਾ ਸੀ?”
“ਕੁਝ ਨਹੀਂ ਸਾਹਬ!”
“ਝੂਠ ਨਾ ਬਕ!---” ਵੱਡਾ ਸਾਹਬ ਚੀਕਿਆ, "ਚੌਂਕੀਦਾਰ ਨੇ ਮੈਨੂੰ ਸੂਚਨਾ ਦਿੱਤੀ ਹੈ, ਤੂੰ ਡੱਬੇ ‘ਚ ਕੁਝ ਛੁਪਾ ਕੇ ਲਿਜਾ ਰਿਹਾ ਸੀ---ਕੀ ਸੀ ਉਹਦੇ ‘ਚ? ਸੱਚ-ਸੱਚ ਦੱਸ ਦੇ ਨਹੀਂ ਤਾਂ ਮੈਂ ਪੁਲਸ ‘ਚ ਤੇਰੇ ਖ਼ਿਲਾਫ਼----”
“ਨਹੀਂ ---ਨਹੀਂ ਸਾਹਬ! ਤੁਸੀਂ ਮੈਨੂੰ ਗਲਤ ਸਮਝ ਰਹੇ ਓ---” ਕਿਸ਼ਨ ਬੇਨਤੀ ਕਰਦਿਆਂ ਬੋਲਿਆ, “ ਮੈਂ ਤੁਹਾਨੂੰ ਸਭ ਕੁੱਝ ਸੱਚ-ਸੱਚ ਦੱਸਦਾ ਹਾਂ---ਮੇਰੇ ਘਰ ਦੇ ਕੋਲ਼ ਸੜਕ ਵਿਭਾਗ ਦੇ ਵੱਡੇ ਬਾਬੂ ਰਹਿੰਦੇ ਨੇ, ਉਹਨਾਂ ਨੂੰ ਸਿਓਂਕ ਦੀ ਜ਼ਰੂਰਤ ਸੀ, ਤੁਹਾਡੇ ਦਫ਼ਤਰ ਦੇ ਬਹੁਤ ਵੱਡੇ ਹਿੱਸੇ ‘ਚ ਸਿਓਂਕ ਲੱਗੀ ਹੋਈ ਹੈ। ਬੱਸ---ਓਹਦੇ ਵਿਚੋਂ ਥੋੜ੍ਹੀ ਜਿਹੀ ਸਿਓਂਕ ਮੈਂ ਵੱਡੇ ਬਾਬੂ ਲਈ ਲੈਣ ਗਿਆ ਸੀ। ਇਕਲੌਤੇ ਬੇਟੇ ਦੀ ਕਸਮ! ---ਮੈਂ ਸੱਚ ਬੋਲ ਰਿਹਾਂ ਹਾਂ।”
“ਹੈਂ! ਵੱਡੇ ਬਾਬੂ ਨੂੰ ਸਿਓਂਕ ਦੀ ਕੀ ਲੋੜ ਪੈ ਗਈ?” ਵੱਡਾ ਸਾਹਬ ਹੈਰਾਨ ਸੀ।
“ਮੈਂ ਪੁੱਛਿਆ ਨਹੀਂ, ਜੇ ਤੁਸੀਂ ਆਖੋਂ ਤਾਂ ਮੈਂ ਪੁੱਛ ਆਉਂਨਾ ਵਾਂ।”
“ਨਹੀਂ—ਨਹੀਂ, ਮੈਂ ਤਾਂ ਊਈਂ ਪੁੱਛਿਐ, ----ਹੁਣ ਤੂੰ ਜਾਹ।” ਵੱਡਾ ਸਾਹਬ ਕੰਧ ਤੇ ਲੱਗੀ ਸਿਓਂਕ ਦੀ ਟੇਢੀ-ਮੇਢੀ ਲਾਈਨ ਵੱਲ ਦੇਖਦਾ ਹੋਇਆ ਗਹਿਰੀ ਸੋਚ ‘ਚ ਪੈ ਗਿਆ।
.......
“ਮਿਸਟਰ ਰਮਨ!” ਵੱਡਾ ਸਾਹਬ ਮਿੱਠੀਆਂ ਨਜ਼ਰਾਂ ਨਾਲ਼ ਕੰਧ ‘ਤੇ ਲੱਗੀ ਸਿਓਂਕ ਨੂੰ ਦੇਖ ਰਿਹਾ ਸੀ, “ ਤੁਸੀਂ ਆਪਣੇ ਦਫ਼ਤਰ ਦਾ ਵੀ ਮੁਆਇਨਾ ਕਰੋ, ਓਥੇ ਵੀ ਸਿਓਂਕ ਜ਼ਰੂਰ ਲੱਗੀ ਹੋਊ, ਜੇ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਦੱਸਿਓ, ਮੈਂ ਏਥੋਂ ਤੁਹਾਡੇ ਕੈਬਿਨ ‘ਚ ਟਰਾਂਸਫਰ ਕਰ ਦੇਵਾਂਗਾ। ਤੁਸੀਂ ਆਪਣੇ ਖਾਸ ਆਦਮੀਆਂ ਨੂੰ ਇਸਦੀ ਦੇਖ-ਰੇਖ ‘ਚ ਲਗਾ ਦਿਓ, ਇਹਨੂੰ ਪਲ਼ਣ-ਵਧਣ ਦਿਓ। ਜ਼ਰੂਰਤ ਤੋਂ ਵੱਧ ਜਾਵੇ ਤਾਂ ਕੱਚ ਦੀਆਂ ਬੋਤਲਾਂ ‘ਚ ਇਕੱਠੀ ਕਰਕੇ, ਜਦੋਂ ਕਿਤੇ ਵੀ ਆਪਾਂ ਟਰਾਂਸਫਰ ਹੋ ਕੇ ਦੂਜੇ ਦਫ਼ਤਰਾਂ ‘ਚ ਜਾਵਾਂਗੇ, ਤਾਂ ਇਹਦੀ ਜ਼ਰੂਰਤ ਪਵੇਗੀ।”
“ਠੀਕ ਹੈ, ਸਰ! ਏਦਾਂ ਹੀ ਹੋਵੇਗਾ---” ਛੋਟਾ ਸਾਹਬ ਬੋਲਿਆ।
“ਦੇਖੋ!---” ਵੱਡੇ ਸਾਹਬ ਦਾ ਸੁਰ ਨੀਵਾਂ ਹੋ ਗਿਆ—“ ਸਾਡੇ ਕਾਰਜ-ਕਾਲ ਦੇ ਜਿੰਨੇ ਵੀ ਨੰਬਰ ਦੋ ਦੇ ਵਰਕ ਆਰਡਰ ਹਨ, ਉਹਨਾਂ ਨਾਲ਼ ਸਬੰਧਤ ਸਾਰੇ ਕਾਗਜ਼ਾਤ ਰਿਕਾਰਡ ਰੂਮ ‘ਚ ਰਖਵਾ ਕੇ ਓਥੇ ਸਿਓਂਕ ਦਾ ਛਿੜਕਾ ਕਰਵਾ ਦਿਓ---ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।”

--------
ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'

No comments:

Post a Comment