Tuesday, January 27, 2009

ਸਿਓਂਕ

ਸਿਓਂਕ
ਸੁਕੇਸ਼ ਸਾਹਨੀ

“ਕਿਸ਼ਨ!---” ਵੱਡੇ ਸਾਹਬ ਨੇ ਚਪੜਾਸੀ ਨੂੰ ਘੂਰਦੇ ਹੋਏ ਪੁੱਛਿਆ, “ ਤੂੰ ਮੇਰੇ ਦਫ਼ਤਰ ‘ਚੋਂ ਕੀ ਚੁਰਾ ਕੇ ਲਿਜਾ ਰਿਹਾ ਸੀ?”
“ਕੁਝ ਨਹੀਂ ਸਾਹਬ!”
“ਝੂਠ ਨਾ ਬਕ!---” ਵੱਡਾ ਸਾਹਬ ਚੀਕਿਆ, "ਚੌਂਕੀਦਾਰ ਨੇ ਮੈਨੂੰ ਸੂਚਨਾ ਦਿੱਤੀ ਹੈ, ਤੂੰ ਡੱਬੇ ‘ਚ ਕੁਝ ਛੁਪਾ ਕੇ ਲਿਜਾ ਰਿਹਾ ਸੀ---ਕੀ ਸੀ ਉਹਦੇ ‘ਚ? ਸੱਚ-ਸੱਚ ਦੱਸ ਦੇ ਨਹੀਂ ਤਾਂ ਮੈਂ ਪੁਲਸ ‘ਚ ਤੇਰੇ ਖ਼ਿਲਾਫ਼----”
“ਨਹੀਂ ---ਨਹੀਂ ਸਾਹਬ! ਤੁਸੀਂ ਮੈਨੂੰ ਗਲਤ ਸਮਝ ਰਹੇ ਓ---” ਕਿਸ਼ਨ ਬੇਨਤੀ ਕਰਦਿਆਂ ਬੋਲਿਆ, “ ਮੈਂ ਤੁਹਾਨੂੰ ਸਭ ਕੁੱਝ ਸੱਚ-ਸੱਚ ਦੱਸਦਾ ਹਾਂ---ਮੇਰੇ ਘਰ ਦੇ ਕੋਲ਼ ਸੜਕ ਵਿਭਾਗ ਦੇ ਵੱਡੇ ਬਾਬੂ ਰਹਿੰਦੇ ਨੇ, ਉਹਨਾਂ ਨੂੰ ਸਿਓਂਕ ਦੀ ਜ਼ਰੂਰਤ ਸੀ, ਤੁਹਾਡੇ ਦਫ਼ਤਰ ਦੇ ਬਹੁਤ ਵੱਡੇ ਹਿੱਸੇ ‘ਚ ਸਿਓਂਕ ਲੱਗੀ ਹੋਈ ਹੈ। ਬੱਸ---ਓਹਦੇ ਵਿਚੋਂ ਥੋੜ੍ਹੀ ਜਿਹੀ ਸਿਓਂਕ ਮੈਂ ਵੱਡੇ ਬਾਬੂ ਲਈ ਲੈਣ ਗਿਆ ਸੀ। ਇਕਲੌਤੇ ਬੇਟੇ ਦੀ ਕਸਮ! ---ਮੈਂ ਸੱਚ ਬੋਲ ਰਿਹਾਂ ਹਾਂ।”
“ਹੈਂ! ਵੱਡੇ ਬਾਬੂ ਨੂੰ ਸਿਓਂਕ ਦੀ ਕੀ ਲੋੜ ਪੈ ਗਈ?” ਵੱਡਾ ਸਾਹਬ ਹੈਰਾਨ ਸੀ।
“ਮੈਂ ਪੁੱਛਿਆ ਨਹੀਂ, ਜੇ ਤੁਸੀਂ ਆਖੋਂ ਤਾਂ ਮੈਂ ਪੁੱਛ ਆਉਂਨਾ ਵਾਂ।”
“ਨਹੀਂ—ਨਹੀਂ, ਮੈਂ ਤਾਂ ਊਈਂ ਪੁੱਛਿਐ, ----ਹੁਣ ਤੂੰ ਜਾਹ।” ਵੱਡਾ ਸਾਹਬ ਕੰਧ ਤੇ ਲੱਗੀ ਸਿਓਂਕ ਦੀ ਟੇਢੀ-ਮੇਢੀ ਲਾਈਨ ਵੱਲ ਦੇਖਦਾ ਹੋਇਆ ਗਹਿਰੀ ਸੋਚ ‘ਚ ਪੈ ਗਿਆ।
.......
“ਮਿਸਟਰ ਰਮਨ!” ਵੱਡਾ ਸਾਹਬ ਮਿੱਠੀਆਂ ਨਜ਼ਰਾਂ ਨਾਲ਼ ਕੰਧ ‘ਤੇ ਲੱਗੀ ਸਿਓਂਕ ਨੂੰ ਦੇਖ ਰਿਹਾ ਸੀ, “ ਤੁਸੀਂ ਆਪਣੇ ਦਫ਼ਤਰ ਦਾ ਵੀ ਮੁਆਇਨਾ ਕਰੋ, ਓਥੇ ਵੀ ਸਿਓਂਕ ਜ਼ਰੂਰ ਲੱਗੀ ਹੋਊ, ਜੇ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਦੱਸਿਓ, ਮੈਂ ਏਥੋਂ ਤੁਹਾਡੇ ਕੈਬਿਨ ‘ਚ ਟਰਾਂਸਫਰ ਕਰ ਦੇਵਾਂਗਾ। ਤੁਸੀਂ ਆਪਣੇ ਖਾਸ ਆਦਮੀਆਂ ਨੂੰ ਇਸਦੀ ਦੇਖ-ਰੇਖ ‘ਚ ਲਗਾ ਦਿਓ, ਇਹਨੂੰ ਪਲ਼ਣ-ਵਧਣ ਦਿਓ। ਜ਼ਰੂਰਤ ਤੋਂ ਵੱਧ ਜਾਵੇ ਤਾਂ ਕੱਚ ਦੀਆਂ ਬੋਤਲਾਂ ‘ਚ ਇਕੱਠੀ ਕਰਕੇ, ਜਦੋਂ ਕਿਤੇ ਵੀ ਆਪਾਂ ਟਰਾਂਸਫਰ ਹੋ ਕੇ ਦੂਜੇ ਦਫ਼ਤਰਾਂ ‘ਚ ਜਾਵਾਂਗੇ, ਤਾਂ ਇਹਦੀ ਜ਼ਰੂਰਤ ਪਵੇਗੀ।”
“ਠੀਕ ਹੈ, ਸਰ! ਏਦਾਂ ਹੀ ਹੋਵੇਗਾ---” ਛੋਟਾ ਸਾਹਬ ਬੋਲਿਆ।
“ਦੇਖੋ!---” ਵੱਡੇ ਸਾਹਬ ਦਾ ਸੁਰ ਨੀਵਾਂ ਹੋ ਗਿਆ—“ ਸਾਡੇ ਕਾਰਜ-ਕਾਲ ਦੇ ਜਿੰਨੇ ਵੀ ਨੰਬਰ ਦੋ ਦੇ ਵਰਕ ਆਰਡਰ ਹਨ, ਉਹਨਾਂ ਨਾਲ਼ ਸਬੰਧਤ ਸਾਰੇ ਕਾਗਜ਼ਾਤ ਰਿਕਾਰਡ ਰੂਮ ‘ਚ ਰਖਵਾ ਕੇ ਓਥੇ ਸਿਓਂਕ ਦਾ ਛਿੜਕਾ ਕਰਵਾ ਦਿਓ---ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।”

--------
ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'

ਪਰਖ

ਮਿੰਨੀ ਕਹਾਣੀ
ਪਰਖ

ਕਜਰੀ ਨੂੰ ਵੇਚਣ ਤੋਂ ਬਾਅਦ ਤ੍ਰਿਲੋਕ ਆਪਣੀ ਉਦਾਸੀ ਨਹੀਂ ਸੀ ਛੁਪਾ ਸਕਿਆ। ਸੁੰਨਾ ਕਿੱਲਾ ਦੇਖ ਕੇ ਰਾਧਾ ਵੀ ਕੁਰਲਾਉਂਦੀ ਰਹਿ ਗਈ ਪਰੰਤੂ ਬਾਪੂ ਦੇ ਸਾਮ੍ਹਣੇ ਕੁਝ ਕਹਿਣ ਦੀ ਹਿੰਮਤ ਨਾ ਕਰ ਸਕੀ।
ਸ਼ਾਮ ਹੁੰਦਿਆਂ ਹੀ ਕਜਰੀ ਰੱਸਾ ਤੁੜਾ ਕੇ ਕਿਸ਼ਨੇ ਦੇ ਘਰ੍ਹੋਂ ਭੱਜ ਆਈ। ਤ੍ਰਿਲੋਕ ਨੂੰ ਦੇਖ ਕੇ ਕਜਰੀ ਨੇ ਮੂੰਹ ਉੱਚਾ ਕਰਕੇ ਰੰਭ੍ਹਣਾ ਸ਼ੁਰੂ ਕਰ ਦਿੱਤਾ। ਤ੍ਰਿਲੋਕ ਨੇ ਕੋਲ਼ ਆਕੇ ਓਹਦੀ ਪਿੱਠ 'ਤੇ ਟੱਥ ਫੇਰਿਆ ਤਾਂ ਓਹ ਧਰਵਾਸਾ ਕਰਕੇ ਕੁੰਡ ਦੇ ਕੋਲ਼ ਖਿੰਡੇ ਪਏ ਸੁੱਕੇ ਘਾਹ ਨੂੰ ਸਪੜ ਸਪੜ ਕਰਕੇ ਖਾਣ ਲੱਗੀ।
ਸਹਿਕਾਰੀ ਸਮਿਤੀ ਦਾ ਕਰਜ਼ਾ ਚੁਕਾਉਂਣ ਦਾ ਨੋਟਿਸ ਨਾ ਮਿਲ਼ਿਆ ਹੁੰਦਾ ਤਾਂ ਓਹ ਕਜਰੀ ਨੂੰ ਕਦੇ ਨਾ ਵੇਚਦਾ। ਅਤੇ ਹੁਣ.....ਕਜਰੀ ਵਾਪਸ ਆ ਗਈ ਹੈ। ਪੈਸੇ ਮੋੜਨੇ ਪੈਣਗੇ। ਕਰਜ਼ਾ ਲਾਹੁਣ ਲਈ ਕੋਈ ਦੂਜਾ ਰਸਤਾ ਲੱਭਣਾ ਪਵੇਗਾ।
ਓਦੋਂ ਹੀ ਕਿਸ਼ਨਾ ਵੀ ਪਿੱਛੇ-ਪਿੱਛੇ ਆ ਪਹੁੰਚਿਆ--" ਭਾਈ ਤ੍ਰਿਲੋਕ! ਤੇਰੀ ਗਾਂ ਨੂੰ ਕਾਬੂ ਰੱਖਣਾ ਮੇਰੇ ਵੱਸ ਦੀ ਗੱਲ ਨਹੀਂ। ਸਵੇਰੇ ਤੋਂ ਹਰਾ ਬਰਸੀਣ ਇਹਦੇ ਅੱਗੇ ਪਿਆ ਰਿਹਾ ਪਰ ਇਹਨੇ ਮੂੰਹ ਤੱਕ ਨ੍ਹੀਂ ਲਾਇਆ।"
" ਆਦਮੀ ਹੀ ਨਹੀਂ ਜਾਨਵਰ ਵੀ ਪਿਆਰ ਦਾ ਭੁੱਖਾ ਹੁੰਦਾ ਹੈ ਕਿਸ਼ਨੇ! ਤੂੰ ਕਿਵੇਂ ਸਮਝੇਂਗਾ ਕਿ ਮੈਂ ਕਜਰੀ ਨੂੰ ਕਿਵੇਂ ਪਾਲ਼ਿਐ?...ਆਪਣੀ ਬੱਚੀ ਦੀ ਤਰ੍ਹਾਂ ਪਾਲ਼ਿਐ।" ਤ੍ਰਿਲੋਕ ਨੇ ਪੈਸੇ ਕੱਢਕੇ ਦਿੰਦੇ ਹੋਏ ਨੇ ਕਿਹਾ," ਆਪਣੇ ਰੁਪਈਏ ਗਿਣ ਲੈ।"
ਕਿਸ਼ਨੇ ਨੇ ਪੈਸੇ ਜੇਬ ਵਿਚ ਰੱਖਦਿਆਂ ਹੋਇਆਂ ਗੱਲ ਅੱਗੇ ਤੋਰੀ--" ਸਵੇਰੇ ਤੂੰ ਰਾਧਾ ਬੇਟੀ ਦੇ ਰਿਸ਼ਤੇ ਲਈ ਕਹਿ ਰਿਹਾ ਸੀ ਨਾ? ਮੈਂ ਆਪਣੇ ਬੇਟੇ ਤੋਂ ਪੁੱਛ ਲਿਐ। ਓਹ ਤਿਆਰ ਹੋ ਗਿਐ।"
" ਪਰ ਮੈਂ ਤਿਆਰ ਨਹੀਂ ਇਸ ਰਿਸ਼ਤੇ ਲਈ।".......ਕਿਸ਼ਨਾ ਹੈਰਾਨ ਰਹਿ ਹਿਆ--" ਪਰ ਸਵੇਰੇ ਤੂੰ ਹੀ ਤਾਂ ਕਿਹਾ ਸੀ ਨਾ ਗੱਲ ਚਲਾਉਂਣ ਲਈ?"......."ਸਵੇਰੇ ਦੀ ਗੱਲ ਹੋਰ ਸੀ," ਤ੍ਰਿਲੋਕ ਬੋਲਿਆ। ਓਹਦੀ ਨਜ਼ਰ ਕਜਰੀ ਵੱਲ ਗਈ। ਰਾਧਾ ਵੀ ਪਤਾ ਨਹੀਂ ਕਦੋਂ ਚੁੱਪ-ਚਾਪ ਆ ਕੇ ਗਾਂ ਦੀ ਗਰਦਨ ਸਹਿਲਾਉਂਣ ਲੱਗ ਪਈ ਸੀ। ਦੋਵਾਂ ਦੀਆਂ ਅੱਖਾਂ 'ਚ ਓਹਨੂੰ ਇੱਕੋ ਜਿਹੀ ਹੀ ਨਮੀ ਨਜ਼ਰ ਆਈ। ਫੇਰ ਦੋਨਾਂ ਦੇ ਚਿਹਰੇ ਇੱਕੋ ਜਿਹੇ ਹੀ ਲੱਗਣ ਲੱਗੇ।
"ਫੇਰ ਸੋਚ ਲੈ," ਕਿਸ਼ਨਾ ਬੋਲਿਆ।...." ਚੰਗੀ ਤਰ੍ਹਾਂ ਸੋਚ ਲਿਐ।"ਕਜਰੀ ਨੇ ਜੁਗਾਲ਼ੀ ਭਰਿਆ ਮੂੰਹ ਤ੍ਰਿਲੋਕ ਦੇ ਮੋਢੇ 'ਤੇ ਰੱਖ ਦਿੱਤਾ।
----------

ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ ‘ਤਮੰਨਾ’