Tuesday, January 27, 2009

ਪਰਖ

ਮਿੰਨੀ ਕਹਾਣੀ
ਪਰਖ

ਕਜਰੀ ਨੂੰ ਵੇਚਣ ਤੋਂ ਬਾਅਦ ਤ੍ਰਿਲੋਕ ਆਪਣੀ ਉਦਾਸੀ ਨਹੀਂ ਸੀ ਛੁਪਾ ਸਕਿਆ। ਸੁੰਨਾ ਕਿੱਲਾ ਦੇਖ ਕੇ ਰਾਧਾ ਵੀ ਕੁਰਲਾਉਂਦੀ ਰਹਿ ਗਈ ਪਰੰਤੂ ਬਾਪੂ ਦੇ ਸਾਮ੍ਹਣੇ ਕੁਝ ਕਹਿਣ ਦੀ ਹਿੰਮਤ ਨਾ ਕਰ ਸਕੀ।
ਸ਼ਾਮ ਹੁੰਦਿਆਂ ਹੀ ਕਜਰੀ ਰੱਸਾ ਤੁੜਾ ਕੇ ਕਿਸ਼ਨੇ ਦੇ ਘਰ੍ਹੋਂ ਭੱਜ ਆਈ। ਤ੍ਰਿਲੋਕ ਨੂੰ ਦੇਖ ਕੇ ਕਜਰੀ ਨੇ ਮੂੰਹ ਉੱਚਾ ਕਰਕੇ ਰੰਭ੍ਹਣਾ ਸ਼ੁਰੂ ਕਰ ਦਿੱਤਾ। ਤ੍ਰਿਲੋਕ ਨੇ ਕੋਲ਼ ਆਕੇ ਓਹਦੀ ਪਿੱਠ 'ਤੇ ਟੱਥ ਫੇਰਿਆ ਤਾਂ ਓਹ ਧਰਵਾਸਾ ਕਰਕੇ ਕੁੰਡ ਦੇ ਕੋਲ਼ ਖਿੰਡੇ ਪਏ ਸੁੱਕੇ ਘਾਹ ਨੂੰ ਸਪੜ ਸਪੜ ਕਰਕੇ ਖਾਣ ਲੱਗੀ।
ਸਹਿਕਾਰੀ ਸਮਿਤੀ ਦਾ ਕਰਜ਼ਾ ਚੁਕਾਉਂਣ ਦਾ ਨੋਟਿਸ ਨਾ ਮਿਲ਼ਿਆ ਹੁੰਦਾ ਤਾਂ ਓਹ ਕਜਰੀ ਨੂੰ ਕਦੇ ਨਾ ਵੇਚਦਾ। ਅਤੇ ਹੁਣ.....ਕਜਰੀ ਵਾਪਸ ਆ ਗਈ ਹੈ। ਪੈਸੇ ਮੋੜਨੇ ਪੈਣਗੇ। ਕਰਜ਼ਾ ਲਾਹੁਣ ਲਈ ਕੋਈ ਦੂਜਾ ਰਸਤਾ ਲੱਭਣਾ ਪਵੇਗਾ।
ਓਦੋਂ ਹੀ ਕਿਸ਼ਨਾ ਵੀ ਪਿੱਛੇ-ਪਿੱਛੇ ਆ ਪਹੁੰਚਿਆ--" ਭਾਈ ਤ੍ਰਿਲੋਕ! ਤੇਰੀ ਗਾਂ ਨੂੰ ਕਾਬੂ ਰੱਖਣਾ ਮੇਰੇ ਵੱਸ ਦੀ ਗੱਲ ਨਹੀਂ। ਸਵੇਰੇ ਤੋਂ ਹਰਾ ਬਰਸੀਣ ਇਹਦੇ ਅੱਗੇ ਪਿਆ ਰਿਹਾ ਪਰ ਇਹਨੇ ਮੂੰਹ ਤੱਕ ਨ੍ਹੀਂ ਲਾਇਆ।"
" ਆਦਮੀ ਹੀ ਨਹੀਂ ਜਾਨਵਰ ਵੀ ਪਿਆਰ ਦਾ ਭੁੱਖਾ ਹੁੰਦਾ ਹੈ ਕਿਸ਼ਨੇ! ਤੂੰ ਕਿਵੇਂ ਸਮਝੇਂਗਾ ਕਿ ਮੈਂ ਕਜਰੀ ਨੂੰ ਕਿਵੇਂ ਪਾਲ਼ਿਐ?...ਆਪਣੀ ਬੱਚੀ ਦੀ ਤਰ੍ਹਾਂ ਪਾਲ਼ਿਐ।" ਤ੍ਰਿਲੋਕ ਨੇ ਪੈਸੇ ਕੱਢਕੇ ਦਿੰਦੇ ਹੋਏ ਨੇ ਕਿਹਾ," ਆਪਣੇ ਰੁਪਈਏ ਗਿਣ ਲੈ।"
ਕਿਸ਼ਨੇ ਨੇ ਪੈਸੇ ਜੇਬ ਵਿਚ ਰੱਖਦਿਆਂ ਹੋਇਆਂ ਗੱਲ ਅੱਗੇ ਤੋਰੀ--" ਸਵੇਰੇ ਤੂੰ ਰਾਧਾ ਬੇਟੀ ਦੇ ਰਿਸ਼ਤੇ ਲਈ ਕਹਿ ਰਿਹਾ ਸੀ ਨਾ? ਮੈਂ ਆਪਣੇ ਬੇਟੇ ਤੋਂ ਪੁੱਛ ਲਿਐ। ਓਹ ਤਿਆਰ ਹੋ ਗਿਐ।"
" ਪਰ ਮੈਂ ਤਿਆਰ ਨਹੀਂ ਇਸ ਰਿਸ਼ਤੇ ਲਈ।".......ਕਿਸ਼ਨਾ ਹੈਰਾਨ ਰਹਿ ਹਿਆ--" ਪਰ ਸਵੇਰੇ ਤੂੰ ਹੀ ਤਾਂ ਕਿਹਾ ਸੀ ਨਾ ਗੱਲ ਚਲਾਉਂਣ ਲਈ?"......."ਸਵੇਰੇ ਦੀ ਗੱਲ ਹੋਰ ਸੀ," ਤ੍ਰਿਲੋਕ ਬੋਲਿਆ। ਓਹਦੀ ਨਜ਼ਰ ਕਜਰੀ ਵੱਲ ਗਈ। ਰਾਧਾ ਵੀ ਪਤਾ ਨਹੀਂ ਕਦੋਂ ਚੁੱਪ-ਚਾਪ ਆ ਕੇ ਗਾਂ ਦੀ ਗਰਦਨ ਸਹਿਲਾਉਂਣ ਲੱਗ ਪਈ ਸੀ। ਦੋਵਾਂ ਦੀਆਂ ਅੱਖਾਂ 'ਚ ਓਹਨੂੰ ਇੱਕੋ ਜਿਹੀ ਹੀ ਨਮੀ ਨਜ਼ਰ ਆਈ। ਫੇਰ ਦੋਨਾਂ ਦੇ ਚਿਹਰੇ ਇੱਕੋ ਜਿਹੇ ਹੀ ਲੱਗਣ ਲੱਗੇ।
"ਫੇਰ ਸੋਚ ਲੈ," ਕਿਸ਼ਨਾ ਬੋਲਿਆ।...." ਚੰਗੀ ਤਰ੍ਹਾਂ ਸੋਚ ਲਿਐ।"ਕਜਰੀ ਨੇ ਜੁਗਾਲ਼ੀ ਭਰਿਆ ਮੂੰਹ ਤ੍ਰਿਲੋਕ ਦੇ ਮੋਢੇ 'ਤੇ ਰੱਖ ਦਿੱਤਾ।
----------

ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ ‘ਤਮੰਨਾ’

No comments:

Post a Comment